ਪਟਿਆਲਾ: 31 ਅਕਤੂਬਰ, 2014

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪਲੇਸਮੈਂਟ ਸੈਂਲ ਵੱਲੋਂ “ਮਾਸ ਕੌਂਸਲਿੰਗ“ ਮੁਹਿੰਮ ਤਹਿਤ “ਰੋਜ਼ਗਾਰ ਪ੍ਰਾਪਤੀ ਦੇ ਮੌਕੇ ਅਤੇ ਹੁਨਰ ਵਿਕਾਸ“ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਅਵਸਰ ਤੇ ਮੇਜਰ ਹਰਪ੍ਰੀਤ ਸਿੰਘ, ਰੋਜ਼ਗਾਰ ਜੇਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਮਿਸ ਸਿੰਪੀ ਸਿੰਗਲਾ, ਰੋਜ਼ਗਾਰ ਜੇਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਜ਼ਿਲਾ ਪਟਿਆਲਾ ਨੇ ਵਿਸ਼ਾ-ਮਾਹਿਰਾਂ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਮੇਜਰ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਵਕਤ-ਪ੍ਰਬੰਧਨ ਅਤੇ ਆਤਮ-ਵਿਸ਼ਵਾਸ ਜਿਹੇ ਸ਼ਖਸੀਅਤ ਦੇ ਅੰਦਰੂਨੀ ਗੁਣਾਂ ਨੂੰ ਵਿਕਸਤ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਸਿਵਲ ਸੇਵਾਵਾਂ ਅਤੇ ਹੋਰ ਜਨਤਕ ਖੇਤਰਾਂ ਵਿੱਚ ਰੋਜ਼ਗਾਰ ਪ੍ਰਾਪਤੀ ਲਈ ਨਰੋਏ ਵਿਅਕਤੀਤਵ ਅਤੇ ਵਿਕਸਤ ਹੁਨਰ ਦੀ ਸਖ਼ਤ ਜ਼ਰੂਰਤ ਹੈ।

ਸੈਮੀਨਾਰ ਦੇ ਦੂਜੇ ਵਿਸ਼ਾ ਮਾਹਿਰ ਮਿਸ ਸਿੰਪੀ ਸਿੰਗਲਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਜੀਵਨ ਨੂੰ ਨਸ਼ਾ-ਮੁਕਤ ਰੱਖਣ ਦਾ ਪ੍ਰਣ ਕਰਨ। ਇਸ ਲਈ ਉਹ ਆਪਣੀ ਇੱਛਾ-ਸ਼ਕਤੀ ਅਤੇ ਜ਼ਿੰਦਗੀ ਵਿੱਚ ਉਂਚੇ ਆਦਰਸ਼ ਹਾਸਲ ਕਰਨ ਦੀ ਇੱਛਾ ਨੂੰ ਬੁਲੰਦ ਕਰਨ। ਉਨ੍ਹਾਂ ਨੇ ਸਵੈ-ਰੋਜ਼ਗਾਰ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੇ ਹੁਨਰ ਵੀ ਵਿਕਸਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਚੰਗਾ ਰੋੋਜ਼ਗਾਰ ਦਿਵਾ ਸਕਣ।

ਦੇਸ਼ ਭਰ ਵਿੱਚ ਮਨਾਏ ਜਾ ਰਹੇ ਕੌਮੀ ਏਕਤਾ ਦਿਵਸ ਦੇ ਸਬੰਧ ਵਿੱਚ ਕਾਲਜ ਦੇ ਡੀਨ, ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਸਰਦਾਰ ਵਲੱਭ ਭਾਈ ਪਟੇਲ ਦੇ ਜੀਵਨ ਅਤੇ ਉਨ੍ਹਾਂ ਦੀ ਦੇਣ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਦੱਸਿਆ ਕਿ ਅਜ਼ਾਦੀ ਤੋਂ ਬਾਅਦ ਦੇਸ਼ ਦੀਆਂ 500 ਤੋਂ ਵੱਧ ਦੇਸੀ ਰਿਆਸਤਾਂ ਨੂੰ ਭਾਰਤ ਵਿੱਚ ਰਲਾਉਣ ਦੇ ਔਖੇ ਕਾਰਜ ਵਿਚ ਸਰਦਾਰ ਪਟੇਲ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਅਵਸਰ ਤੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਕੌਮੀ ਏਕਤਾ ਬਣਾਈ ਰੱਖਣ ਸਬੰਧੀ ਸਹੁੰ ਚੁਕਵਾਈ। ਵਾਈਸ ਪ੍ਰਿੰਸੀਪਲ ਡਾ. ਵਿਨੇ ਜੈਨ ਅਤੇ ਪਲੇਸਮੈਂਟ ਸੈਂਲ ਦੇ ਇੰਚਾਰਜ ਪ੍ਰੋੋ. ਰੋਹਿਤ ਸਚਦੇਵਾ ਨੇ ਧੰਨਵਾਦ ਦੇ ਸ਼ਬਦ ਕਹੇੇ।

ਪ੍ਰਿੰਸੀਪਲ